ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ
ਅੱਜ ਦਾ ਮੁੱਖਵਾਕ 22.1.2012, ਐਤਵਾਰ , ੯ ਮਾਘ (ਸੰਮਤ ੫੪੩ ਨਾਨਕਸ਼ਾਹੀ)
ਧਨਾਸਰੀ ਮਹਲਾ ੫ ॥
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥
ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥
ਤੁਮ ਘਰਿ ਆਵਹੁ ਮੇਰੇ ਮੀਤ ॥
ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥
(ਅੰਗ ੬੭੮)
ਪੰਜਾਬੀ ਵਿਚ ਵਿਆਖਿਆ :-
(ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ।੧।
ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)। ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ।ਰਹਾਉ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..
Categories:
Harmandir Sahib,
Mukhwak